ਆਵਾਗਵਣ
- Harnoor Randhawa

- Mar 12
- 1 min read
Updated: Mar 28

ਜਦ ਮਨ ਪ੍ਰਦੇਸੀ ਸੀ, ਮਨ ਚੰਚਲ ਸੀ ਮਰਜਾਣਾ,
ਕੁਝ ਘਾਟ ਸਬਰ ਦੀ ਸੀ, ਕੁਝ ਮੈਂ ਵੀ ਸੀ ਅਣਜਾਣਾ,
ਕੁਝ ਠੱਗਿਆ ਮਾਇਆ ਦਾ, ਕੁਝ ਪੱਥਰ ਚੱਟ ਕੇ ਆਇਆ,
ਜਦ ਤਨ ਪ੍ਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ॥
ਜਦ ਮਨ ਪਰਦੇਸੀ ਸੀ, ਮਨ ਆਖੇ ਨਾ ਲੱਗਿਆ,
ਜਿੱਥੇ ਵੀ ਨਹੀਂ ਲੱਗਣਾ ਸੀ, ਮਨ ਓਥੇ'ਈ ਜਾ ਲੱਗਿਆ,
ਮਨ ਜਿਸ ਨੇ ਜਾਨ ਦਿੱਤੀ, ਮਨ ਉਸਨੂ ਮਾਰ ਮੁਕਾਇਆ,
ਜਦ ਤਨ ਪਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ।
ਜਦ ਮਨ ਪਰਦੇਸੀ ਸੀ, ਮਨ ਅਕਲ ਦਾ ਅੰਨ੍ਹਾ ਸੀ,
ਮਨ ਮੌਤ ਤੇ ਜੀਵਨ ਦਾ, ਮਨ ਵਿਚਲਾ ਪੰਨਾ ਸੀ,
ਨਾ ਸਿਵਿਆਂ ਵਿੱਚ ਬਲਿਆ, ਨਾ ਕਬਰਾਂ ਨੇ ਅਪਣਾਇਆ,
ਜਦ ਤਨ ਪਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ।
ਜਦ ਮਨ ਪਰਦੇਸੀ ਸੀ, ਮਨ ਬਾਗੀ ਰਹਿੰਦਾ ਸੀ,
ਕੋਈ ਰੱਬ ਨੂੰ ਬੰਦਾ ਕੋਈ, ਬੰਦੇ ਨੂੰ ਰੱਬ ਕਹਿੰਦਾ ਸੀ,
ਮਨ ਤਰਸੇ ਗਤੀਆਂ ਨੂੰ, ਮਨ ਤੜਫੇ ਬਣਕੇ ਸਾਇਆ,
ਜਦ ਤਨ ਪਰਦੇਸੀ ਹੋਏ, ਇਹਨੂੰ ਫੇਰ ਸਬਰ ਨਾ ਆਇਆ।
— Harnoor Randhawa



